ਕੋਟ ਇਸੇ ਖਾਂ, ਮਿਤੀ 22.02.2026 ( ਡਾਕਟਰ ਗਿੱਲ) – ਗੁਰਦੁਆਰਾ ਭਾਈ ਲਾਲੋ ਜੀ ਕੋਟ ਇਸੇ ਖਾਂ ਵਿਖੇ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਜੀ ਦਾ ਆਰੰਭ ਕਰਵਾਇਆ ਗਿਆ ਜਿਸ ਦਾ ਭੋਗ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਦੀ ਮੌਜੂਦਗੀ ਵਿੱਚ ਪਾਇਆ ਗਿਆ। ਸੰਗਤਾਂ ਨੇ ਨਿਮਰਤਾ ਨਾਲ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਮਨਾਈਆਂ।
ਭੋਗ ਤੋਂ ਇੱਕ ਦਿਨ ਪਹਿਲਾਂ ਸ਼ਾਨਦਾਰ ਨਗਰ ਕੀਰਤਨ ਕੱਢਿਆ ਗਿਆ, ਜਿਸ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਨਗਰ ਕੀਰਤਨ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਪਹੁੰਚਿਆ। ਇਸ ਮੌਕੇ ਭਾਈ ਬਲਦੇਵ ਸਿੰਘ ਵਡਾਲਾ ਜੀ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ ਅਤੇ ਸਾਰੇ ਮਾਹੌਲ ਨੂੰ ਆਤਮਿਕ ਰੰਗ ਵਿੱਚ ਰੰਗ ਦਿੱਤਾ ਗਿਆ।
ਸਮਾਗਮ ਦੀ ਸਫਲਤਾ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਵਿਸ਼ੇਸ਼ ਸੇਵਾ ਨਿਭਾਈ। ਲੰਗਰ, ਸਫਾਈ ਅਤੇ ਹੋਰ ਪ੍ਰਬੰਧਾਂ ਵਿੱਚ ਸੇਵਾਦਾਰਾਂ ਨੇ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ। ਭਾਈ ਬਲਵਿੰਦਰ ਸਿੰਘ ਜੀ ਹੈਡ ਗ੍ਰੰਥੀ ਵੱਲੋਂ ਸੰਗਤ ਦਾ ਧੰਨਵਾਦ ਕਰਦਿਆਂ ਸਭ ਨੂੰ ਗੁਰੂ ਘਰ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਡਾਕਟਰ ਬੀਰ ਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇਰੈਕਟਰ ਡੇਅਰੀ, ਸੂਬੇਦਾਰ ਸੇਵਾ ਸਿੰਘ, ਰਘਬੀਰ ਸਿੰਘ ਗਿੱਲ ਅਤੇ ਰਜਵੰਤ ਸਿੰਘ ਗਿੱਲ ਸਮੇਤ ਹੋਰ ਕਈ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ। ਅੰਤ ਵਿੱਚ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ ਅਤੇ ਸੰਗਤਾਂ ਨੇ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਨੂੰ ਸ਼ਰਧਾ ਨਾਲ ਮਨਾਇਆ।








