: ਬਠਿੰਡਾ15 ਅਪ੍ਰੈਲ 2026 ਦੇਵ ਗਿੱਲ ਬਠਿੰਡਾ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਅਤੇ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਹਿਮ ਫੈਸਲੇ ਲੈਂਦੇ ਹੋਏ ਵੱਖ-ਵੱਖ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਜ਼ਿਲ੍ਹਾ ਮੈਜਿਸਟ੍ਰੇਟ ਰਾਜੇਸ਼ ਧੀਮਾਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਆਪਣੇ ਅਧਿਕਾਰਾਂ ਦਾ ਪ੍ਰਯੋਗ ਕਰਦਿਆਂ ਇਹ ਹੁਕਮ ਜਾਰੀ ਕੀਤੇ ਹਨ।
ਹੁਕਮਾਂ ਅਨੁਸਾਰ ਬਠਿੰਡਾ ਸ਼ਹਿਰ ਅੰਦਰ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਹੈਵੀ ਕਮਰਸ਼ੀਅਲ ਵਾਹਨਾਂ ਜਿਵੇਂ ਟਰੱਕ, ਟਰਾਲੇ ਅਤੇ ਤੇਲ ਵਾਲੀਆਂ ਗੱਡੀਆਂ ਦੇ ਦਾਖਲੇ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਫੈਸਲਾ ਸ਼ਹਿਰ ਵਿੱਚ ਵੱਧ ਰਹੀ ਆਬਾਦੀ ਅਤੇ ਟ੍ਰੈਫਿਕ ਦੀ ਭੀੜ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।
ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਵੱਖ-ਵੱਖ ਰੂਟ ਡਾਇਵਰਸ਼ਨ ਵੀ ਤੈਅ ਕੀਤੇ ਗਏ ਹਨ। ਮਾਨਸਾ, ਡੱਬਵਾਲੀ, ਮਲੋਟ/ਮੁਕਤਸਰ ਅਤੇ ਗੋਨਿਆਣਾ ਵੱਲੋਂ ਆਉਣ ਵਾਲੇ ਵਾਹਨਾਂ ਲਈ ਰਿੰਗ ਰੋਡ ਅਤੇ ਬਾਈਪਾਸ ਰਾਹੀਂ ਬਦਲਵੇਂ ਰਸਤੇ ਨਿਰਧਾਰਤ ਕੀਤੇ ਗਏ ਹਨ, ਤਾਂ ਜੋ ਸ਼ਹਿਰ ਦੇ ਅੰਦਰ ਜਾਮ ਦੀ ਸਥਿਤੀ ਤੋਂ ਬਚਿਆ ਜਾ ਸਕੇ।
ਇਸ ਦੇ ਨਾਲ ਹੀ ਫੂਡ ਗ੍ਰੇਨ ਨਾਲ ਸੰਬੰਧਿਤ ਟਰੱਕਾਂ ਨੂੰ ਖ਼ਾਸ ਛੋਟ ਦਿੱਤੀ ਗਈ ਹੈ, ਪਰ ਉਹਨਾਂ ਲਈ ਜ਼ਿਲ੍ਹਾ ਖੁਰਾਕ ਸਪਲਾਈ ਵਿਭਾਗ ਤੋਂ ਸਪੈਸ਼ਲ ਪਾਸ ਲੈਣਾ ਲਾਜ਼ਮੀ ਹੋਵੇਗਾ। ਇਹ ਪਾਸ ਪੁਲਿਸ ਪ੍ਰਸ਼ਾਸਨ ਨਾਲ ਸਹਿਯੋਗ ਵਿੱਚ ਜਾਰੀ ਕੀਤੇ ਜਾਣਗੇ।
ਜ਼ਿਲ੍ਹਾ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਪਾਬੰਦੀਆਂ ਸ਼ਹਿਰ ਵਿੱਚ ਟ੍ਰੈਫਿਕ ਪ੍ਰਬੰਧਨ ਨੂੰ ਬਿਹਤਰ ਬਣਾਉਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਾਗੂ ਕੀਤੀਆਂ ਗਈਆਂ ਹਨ।








