ਕੋਟ ਈਸੇ ਖਾਂ: 21.02.2026 (ਪ੍ਰਤੀਨਿਧਿ ਦੇਵ ਗਿਲ) – ਮਹਾਨ ਤਪਸਵੀ ਸੰਤ ਬਾਬਾ ਸੁੰਦਰ ਦਾਸ ਜੀ ਦੇ ਪਵਿੱਤਰ ਤਪ ਅਸਥਾਨ ਤੇ ਮਾਘ ਮਹੀਨੇ ਦੌਰਾਨ ਚੱਲ ਰਹੀ ਧਾਰਮਿਕ ਲੜੀ ਦੇ ਅੰਤਿਮ ਭੋਗ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਪਾਏ ਗਏ। ਇਸ ਮੌਕੇ ਇਲਾਕੇ ਅਤੇ ਦੂਰ-ਦਰਾਜ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਸੰਤ ਮਹਾਤਮਾਂ ਦਾ ਅਸੀਸ ਲਿਆ।
ਧਾਰਮਿਕ ਸਮਾਗਮ ਦੌਰਾਨ ਭਾਈ ਮਨਵੀਰ ਸਿੰਘ ਜੀ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ, ਜਿਸ ਨਾਲ ਸਾਰੀ ਸੰਗਤ ਗੁਰੂ ਦੀ ਬਾਣੀ ਨਾਲ ਜੁੜ ਗਈ। ਉਨ੍ਹਾਂ ਨੇ ਗੁਰਬਾਣੀ ਦੇ ਸ਼ਬਦਾਂ ਰਾਹੀਂ ਸੰਗਤਾਂ ਨੂੰ ਨਾਮ ਜਪਣ ਅਤੇ ਸੱਚੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਕੀਰਤਨ ਦੌਰਾਨ ਸੰਗਤਾਂ ਨੇ ਵਾਹਿਗੁਰੂ ਦੇ ਜਾਪ ਨਾਲ ਆਤਮਿਕ ਅਨੰਦ ਮਹਿਸੂਸ ਕੀਤਾ।
ਇਸ ਮੌਕੇ ਬਾਬਾ ਵਿਸ਼ਨੂ ਜੀ ਵੱਲੋਂ ਹਾਜ਼ਰ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੇ ਪ੍ਰਸ਼ਾਦ ਵਰਤਾਇਆ ਗਿਆ। ਉਨ੍ਹਾਂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੇਹੇ ਧਾਰਮਿਕ ਸਮਾਗਮ ਸਾਨੂੰ ਆਪਣੀ ਸੰਸਕ੍ਰਿਤੀ ਅਤੇ ਧਰਮ ਨਾਲ ਜੋੜਦੇ ਹਨ ਅਤੇ ਸਾਨੂੰ ਚੰਗੇ ਕਰਮ ਕਰਨ ਦੀ ਪ੍ਰੇਰਣਾ ਦਿੰਦੇ ਹਨ। ਸੰਗਤਾਂ ਨੇ ਵੀ ਸੇਵਾ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ।
ਸਮਾਗਮ ਦੇ ਅੰਤ ਵਿੱਚ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਅਤੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਪਵਿੱਤਰ ਮੌਕੇ ਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ ਅਤੇ ਸਭ ਨੇ ਅਜਿਹੇ ਸਮਾਗਮਾਂ ਨੂੰ ਜਾਰੀ ਰੱਖਣ ਦਾ ਸੰਕਲਪ ਕੀਤਾ।








