ਤਪਾ, 25 ਅਪ੍ਰੈਲ (ਪ੍ਰਤਿਨਿਧ: ਦੇਵ ਗਿੱਲ): ਸਿਵਲ ਸਰਜਨ ਡਾ. ਹਰੀਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਅੱਜ ਵਿਸ਼ਵ ਮਲੇਰੀਆ ਦਿਵਸ ਮੌਕੇ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਖੁਰਦ ਵਿਖੇ ਵਿਸ਼ੇਸ਼ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ ਗਿਆ।
ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਬੂਟਾ ਸਿੰਘ ਨੇ ਕਿਹਾ ਕਿ ਮਲੇਰੀਆ ਨੂੰ ਜੜੋਂ ਖਤਮ ਕਰਨ ਲਈ ਸਾਰੇ ਲੋਕਾਂ ਨੂੰ ਮਿਲਜੁਲ ਕੇ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਾਗਰੂਕਤਾ ਹੀ ਮਲੇਰੀਆ ਤੋਂ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਹੈ।
ਉਨ੍ਹਾਂ ਦੱਸਿਆ ਕਿ ਮਲੇਰੀਆ ਮਾਦਾ ਅਨਾਫੀਲਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਸ ਦੇ ਲੱਛਣਾਂ ਵਿੱਚ ਠੰਢ ਤੇ ਕਾਂਬੇ ਨਾਲ ਬੁਖਾਰ, ਸਿਰ ਦਰਦ, ਪਸੀਨਾ ਆਉਣਾ ਅਤੇ ਥਕਾਵਟ ਸ਼ਾਮਲ ਹਨ। ਅਜਿਹੇ ਲੱਛਣ ਨਜ਼ਰ ਆਉਣ ‘ਤੇ ਤੁਰੰਤ ਨੇੜਲੇ ਸਿਹਤ ਕੇਂਦਰ ‘ਤੇ ਜਾਂਚ ਕਰਵਾਉਣੀ ਚਾਹੀਦੀ ਹੈ। ਸਰਕਾਰੀ ਹਸਪਤਾਲਾਂ ਵਿੱਚ ਇਸ ਦੀ ਜਾਂਚ ਅਤੇ ਇਲਾਜ ਮੁਫ਼ਤ ਉਪਲਬਧ ਹੈ।
ਮਲੇਰੀਆ ਤੋਂ ਬਚਾਅ ਲਈ ਘਰਾਂ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣਾ, ਨਾਲੀਆਂ ਵਿੱਚ ਤੇਲ ਦਾ ਛਿੜਕਾਅ ਕਰਨਾ, ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨਣਾ ਅਤੇ ਰਾਤ ਨੂੰ ਮੱਛਰਦਾਨੀ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ।
ਇਸ ਮੌਕੇ ਸਕੂਲ ਸਟਾਫ ਦਿਨੇਸ਼ ਕੁਮਾਰ, ਗੁਰਲਾਲ ਸਿੰਘ, ਪਰਵਿੰਦਰ ਸਿੰਘ, ਹਰਜੀਤ ਕੌਰ, ਹਰਵਿੰਦਰ ਕੌਰ ਅਤੇ ਦਵਿੰਦਰ ਕੌਰ ਹਾਜ਼ਰ ਸਨ।








