ਬਲਾਕ ਢੁੱਡੀਕੇ ਦੇ ਵੱਖ-ਵੱਖ ਪਿੰਡਾਂ ਵਿੱਚ 3020 ਸਿਹਤ ਬੀਮਾ ਕਾਰਡ ਵੰਡੇ
ਡਾਲਾ | 23 ਸਤੰਬਰ 2026 | ਪ੍ਰਤਿਨਿਧ ਡਾ. ਗਿੱਲ ਸਿਵਲ ਸਰਜਨ ਮੋਗਾ ਡਾ. ਆਸ਼ੋਕ ਸਿੰਗਲਾ ਅਤੇ ਵਿਧਾਇਕ ਸ. ਮਨਜੀਤ ਸਿੰਘ ਬਲਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਿਸ਼ਾ ਬਾਂਸਲ ਦੀ ਯੋਗ ਅਗਵਾਈ ਹੇਠ ਅੱਜ ਪਿੰਡ ਡਾਲਾ ਦੇ ਪੰਚਾਇਤ ਘਰ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਸਿਹਤ ਬੀਮਾ ਕਾਰਡ ਵੰਡੇ ਗਏ।
ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਹਲਕਾ ਨਿਹਾਲ ਸਿੰਘ ਵਾਲਾ ਹਰਜਿੰਦਰ ਸਿੰਘ, ਸੈਕਟਰੀ ਸਰਪੰਚ ਸੁਖਬੀਰ ਸਿੰਘ, ਬਸੰਤ ਸਿੰਘ, ਬਲਾਕ ਸੰਮਤੀ ਚੇਅਰਮੈਨ ਭੈਣ ਦਲਜੀਤ ਕੌਰ ਅਤੇ ਡਾ. ਸਾਕਸ਼ੀ ਬਾਂਸਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੈਲਥ ਸੁਪਰਵਾਈਜ਼ਰ ਕੁਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਿਹਤ ਬੀਮਾ ਯੋਜਨਾ ਰਾਹੀਂ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਦਾ ਮੁਫ਼ਤ ਇਲਾਜ ਕਰਵਾਉਣ ਦੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਲਾਭ ਵੱਧ ਤੋਂ ਵੱਧ ਯੋਗ ਪਰਿਵਾਰਾਂ ਤੱਕ ਪਹੁੰਚਾਉਣ ਲਈ ਸਿਹਤ ਵਿਭਾਗ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਅੱਜ ਬਲਾਕ ਢੁੱਡੀਕੇ ਦੇ ਵੱਖ-ਵੱਖ ਪਿੰਡਾਂ ਵਿੱਚ ਕੁੱਲ 3020 ਸਿਹਤ ਬੀਮਾ ਕਾਰਡ ਵੰਡੇ ਗਏ। ਇਸ ਮੌਕੇ ਮ.ਪ.ਹ.ਵ. ਹਰਦੀਪ ਸਿੰਘ, ਮ.ਪ.ਹ.ਵ. ਤੀਰਥਪਾਲ ਸਿੰਘ, ਬਲਾਕ ਢੁੱਡੀਕੇ ਦੀਆਂ ਆਸ਼ਾ ਫੈਸੀਲੀਟੇਟਰਾਂ ਅਤੇ ਆਸ਼ਾ ਵਰਕਰਾਂ ਸਮੇਤ ਸਿਹਤ ਵਿਭਾਗ ਦਾ ਸਟਾਫ਼ ਹਾਜ਼ਰ ਸੀ।






