ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ; ਮੰਗਾਂ ਨਾ ਮੰਨੀਆਂ ਤਾਂ 2027 ਦੀਆਂ ਚੋਣਾਂ ਵਿੱਚ ਸਰਕਾਰ ਨੂੰ ਮਿਲੇਗਾ ਕਰਾਰਾ ਜਵਾਬ
ਜਰਨੈਲ ਸਿੰਘ ਧੋਲਾ ਕਾਰਜਕਾਰੀ ਪ੍ਰਧਾਨ ਚੁਣੇ ਗਏ, ਵੱਡੀ ਗਿਣਤੀ ਵਿੱਚ ਮਹਾਂ ਰੈਲੀ ਵਿੱਚ ਸ਼ਮੂਲੀਅਤ ਦਾ ਸੱਦਾ
ਪ੍ਰਤੀਨਿਧ: ਦੇਵ ਗਿੱਲ 4 ਅਗਸਤ, 2026 ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਵਿਸ਼ਾਲ ਮੀਟਿੰਗ ਸੂਬਾ ਪ੍ਰਧਾਨ ਰਵਿੰਦਰ ਲੂਥਰਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਦੀ ਸਖ਼ਤ ਨਿਖੇਧੀ ਕੀਤੀ ਗਈ। ਮੀਟਿੰਗ ਦੌਰਾਨ ਆਗੂਆਂ ਨੇ ਦੋ-ਟੁੱਕ ਸ਼ਬਦਾਂ ਵਿੱਚ ਐਲਾਨ ਕੀਤਾ ਕਿ 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਮਹਾਂ ਰੈਲੀ ਮੁਲਾਜ਼ਮ ਏਕਤਾ ਦਾ ਇਤਿਹਾਸਕ ਪ੍ਰਦਰਸ਼ਨ ਸਾਬਤ ਹੋਵੇਗੀ ਅਤੇ ਸਰਕਾਰ ਦੀ ਵਿਦਾਇਗੀ ਦਾ ਰਸਤਾ ਤੈਅ ਕਰੇਗੀ।
ਪ੍ਰੈਸ ਨੂੰ ਜਾਰੀ ਬਿਆਨ ਵਿੱਚ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਸੈਣੀ ਅਤੇ ਕੁਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਵੱਲੋਂ ਸਮੂਹ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, 18 ਫ਼ੀਸਦੀ ਡੀ.ਏ. ਦਾ ਬਕਾਇਆ ਅਤੇ ਕਿਸ਼ਤਾਂ ਜਾਰੀ ਕਰਨ, 15-07-2020 ਦਾ ਪੱਤਰ ਰੱਦ ਕਰਨ ਅਤੇ ਏ.ਸੀ.ਪੀ. ਸਕੀਮ ਤੁਰੰਤ ਲਾਗੂ ਕਰਨ ਵਰਗੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਤੁਰੰਤ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਦਾ ਸਿਆਸੀ ਨਤੀਜਾ ਭੁਗਤਣਾ ਪਵੇਗਾ।
ਮੀਟਿੰਗ ਦੌਰਾਨ ਸਰਵਸੰਮਤੀ ਨਾਲ ਜਰਨੈਲ ਸਿੰਘ ਧੋਲਾ ਨੂੰ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਰਵਿੰਦਰ ਲੂਥਰਾ ਨੂੰ ਮੁੱਖ ਸਲਾਹਕਾਰ, ਰਣਧੀਰ ਸਿੰਘ ਅਤੇ ਮਨਦੀਪ ਸਿੰਘ ਨੂੰ ਮੀਤ ਪ੍ਰਧਾਨ, ਜਗਤਾਰ ਸਿੰਘ ਨੂੰ ਪ੍ਰੈਸ ਸਕੱਤਰ, ਜਸਵਿੰਦਰ ਸਿੰਘ ਅਤੇ ਸੁਤੰਤਰ ਸਿੰਘ ਨੂੰ ਜੱਥੇਬੰਦਕ ਸਕੱਤਰ, ਸਤਿੰਦਰ ਸਿੰਘ ਨੂੰ ਸਹਾਇਕ ਪ੍ਰੈਸ ਸਕੱਤਰ, ਗੁਰਪ੍ਰੀਤ ਸਿੰਘ (ਕਪੂਰਥਲਾ) ਨੂੰ ਪ੍ਰਚਾਰ ਸਕੱਤਰ, ਗੁਰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ (ਫਿਰੋਜ਼ਪੁਰ) ਨੂੰ ਜੁਆਇੰਟ ਸਕੱਤਰ ਅਤੇ ਗੁਰਪ੍ਰੀਤ ਸਿੰਘ (ਮਾਨਸਾ), ਰਮਨਜੀਤ ਭੁੱਲਰ, ਜਸਬੀਰ ਸਿੰਘ ਸ਼ੇਰਪੁਰ ਅਤੇ ਮਨਦੀਪ ਸਿੰਘ ਬਰਨਾਲਾ ਨੂੰ ਕਮੇਟੀ ਮੈਂਬਰ ਚੁਣਿਆ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਵਰਨ ਸਿੰਘ, ਰਮਨ ਅੱਤਰੀ, ਰਾਜਿੰਦਰ ਅਕੋਈ, ਚਮਕੌਰ ਸਿੰਘ, ਗੁਰਪ੍ਰੀਤ ਸ਼ਹਿਣਾ, ਨੀਰਜ ਕੁਮਾਰ, ਦੁਆਰਕਾ ਪ੍ਰਸਾਦ, ਕੁਲਪ੍ਰੀਤ ਸਿੰਘ, ਪਵਨ ਮਨਚੰਦਾ, ਮਨਜਿੰਦਰ ਸਿੰਘ, ਪ੍ਰਵੀਨ ਕੁਮਾਰ, ਦਰਸ਼ਨ ਲਹਿਰਾਂ, ਜਗਰੂਪ ਸਿੰਘ, ਦਵਿੰਦਰ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ, ਜਸਵੀਰ ਸਿੰਘ, ਰਵੀ ਦੱਤ ਅਤੇ ਨਿਰਭੈ ਸਿੰਘ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦਾ ਮੂੰਹ-ਤੋੜ ਜਵਾਬ ਸਿਰਫ਼ ਇਕਜੁੱਟ ਸੰਘਰਸ਼ ਰਾਹੀਂ ਹੀ ਦਿੱਤਾ ਜਾਵੇਗਾ।
ਆਗੂਆਂ ਨੇ ਸਮੂਹ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਮਹਾਂ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਆਪਣੀ ਏਕਤਾ, ਤਾਕਤ ਅਤੇ ਹੱਕਾਂ ਲਈ ਸੰਘਰਸ਼ ਦਾ ਸਬੂਤ ਦੇਣ।






