ਮੋਗਾ ਦੇਵ ਗਿੱਲ ਮਿਤੀ: 13 ਅਪ੍ਰੈਲ 2026 — ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਇਕ ਪਰਿਵਾਰ ਨਾਲ ਰਸਤੇ ਵਿੱਚ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਨਾਲ ਖੁਸ਼ੀਆਂ ਭਰੀ ਯਾਤਰਾ ਚੰਦ ਪਲਾਂ ਵਿੱਚ ਹੀ ਸੋਗ ਵਿੱਚ ਬਦਲ ਗਈ। ਇਹ ਹਾਦਸਾ ਸਵੇਰੇ ਤੜਕੇ ਵਾਪਰਿਆ, ਜਦੋਂ ਇਕ ਤੇਜ਼ ਰਫ਼ਤਾਰ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿਵਾਈਡਰ ਪਾਰ ਕਰਕੇ ਸਾਹਮਣੇ ਆ ਰਹੀ ਕਾਰ ਨਾਲ ਜਾ ਟਕਰਾਈ।
ਜਾਣਕਾਰੀ ਅਨੁਸਾਰ, ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਤੋਂ ਜਸਬੀਰ ਸਿੰਘ ਆਪਣੀ ਪਤਨੀ, ਧੀ ਅਤੇ ਹੋਰ ਰਿਸ਼ਤੇਦਾਰਾਂ ਨਾਲ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਨਿਕਲੇ ਸਨ। ਰਸਤੇ ਵਿੱਚ ਇਕ ਹੋਰ ਪਰਿਵਾਰਕ ਮੈਂਬਰ ਨੂੰ ਵੀ ਨਾਲ ਬਿਠਾਇਆ ਗਿਆ। ਜਿਵੇਂ ਹੀ ਉਹ ਕੋਟ ਈਸੇ ਖਾਂ ਨੇੜੇ ਪਹੁੰਚੇ, ਤਦੋਂ ਸਾਹਮਣੇ ਤੋਂ ਆ ਰਹੀ ਵਰਨਾ ਕਾਰ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰ ਗਈ ਅਤੇ ਉਨ੍ਹਾਂ ਦੀ ਗੱਡੀ ਨਾਲ ਜ਼ੋਰਦਾਰ ਟੱਕਰ ਹੋ ਗਈ।
ਇਸ ਦਿਲ ਦਹਿਲਾ ਦੇਣ ਵਾਲੇ ਹਾਦਸੇ ਵਿੱਚ ਲਗਭਗ 55 ਸਾਲਾ ਮਹਿਲਾ ਸਿਮਰਜੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਹੋਰ ਚਾਰ ਮੈਂਬਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਦੋਸ਼ੀ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਮੋਗਾ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਜਾਰੀ ਹੈ। ਡਾਕਟਰਾਂ ਮੁਤਾਬਕ ਜ਼ਖ਼ਮੀਆਂ ਨੂੰ ਸਿਰ ਅਤੇ ਪੈਰਾਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।
ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਫਰਾਰ ਚਾਲਕ ਦੀ ਤਲਾਸ਼ ਜਾਰੀ ਹੈ। ਇਸ ਦਰਦਨਾਕ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।







