ਮਨਾਵਾ:27.2.2026 (ਡਾਕਟਰ ਗਿੱਲ) ਸਰਕਾਰ ਵੱਲੋਂ ਚਲਾਏ ਜਾ ਰਹੇ ਟੀਬੀ ਅਭਿਆਨ ਅਤੇ ਟੀਬੀ ਮੁਹਿੰਮ ਦੇ ਤਹਿਤ ਸਰਕਾਰੀ ਹਾਈ ਸਕੂਲ ਮਨਾਵਾਂ ਵਿਖੇ ਬੱਚਿਆਂ ਨੂੰ ਡੇਂਗੂ, ਮਲੇਰੀਆ, ਚਿਕਨਗੁਣਿਆ ਅਤੇ ਟੀਬੀ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਇਨ੍ਹਾਂ ਬਿਮਾਰੀਆਂ ਦੇ ਕਾਰਨ, ਲੱਛਣ ਅਤੇ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਇਹ ਪ੍ਰੋਗਰਾਮ ਡਾਕਟਰ ਪ੍ਰਦੀਪ ਮਹਿੰਦਰਾ, ਸਿਵਲ ਸਰਜਨ ਮੋਗਾ ਦੇ ਹੁਕਮਾਂ ਸਦਕਾ ਅਤੇ ਡਾਕਟਰ ਰਿਪੂ ਦਮਨ, ਸੀਨੀਅਰ ਮੈਡੀਕਲ ਅਫਸਰ ਪੀਐਚਸੀ ਕੋਟ ਇਸੇ ਖਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਯੋਜਿਤ ਕੀਤਾ ਗਿਆ। ਸਿਹਤ ਵਿਭਾਗ ਦੀ ਟੀਮ ਵੱਲੋਂ ਬੱਚਿਆਂ ਨੂੰ ਦੱਸਿਆ ਗਿਆ ਕਿ ਟੀਬੀ ਹਵਾ ਰਾਹੀਂ ਫੈਲਣ ਵਾਲੀ ਬਿਮਾਰੀ ਹੈ ਅਤੇ ਇਸ ਦਾ ਸਮੇਂ-ਸਿਰ ਇਲਾਜ ਬਹੁਤ ਜ਼ਰੂਰੀ ਹੈ।
ਇਸ ਦੌਰਾਨ ਸ੍ਰੀ ਜਗਜੀਤ ਸਿੰਘ ਅਤੇ ਰਜੇਸ਼ ਕੁਮਾਰ ਗਾਬਾ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਮੱਛਰਾਂ ਦੀ ਪੈਦਾਵਾਰ ਰੋਕਣਾ ਹੀ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਦਾ ਸਭ ਤੋਂ ਵਧੀਆ ਢੰਗ ਹੈ, ਜਦਕਿ ਟੀਬੀ ਲਈ ਖੰਘ ਸਮੇਂ ਮੂੰਹ ਢੱਕਣਾ ਅਤੇ ਪੂਰਾ ਇਲਾਜ ਲੈਣਾ ਲਾਜ਼ਮੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਟੀਬੀ ਅਭਿਆਨ ਬਾਰੇ ਵੀ ਜਾਣਕਾਰੀ ਦਿੱਤੀ।
ਸਕੂਲ ਦੇ ਹੈਡਮਾਸਟਰ ਸਤਪਾਲ ਸਿੰਘ ਜੀ ਨੇ ਵੀ ਬੱਚਿਆਂ ਨੂੰ ਸਿਹਤ ਸਬੰਧੀ ਜਾਗਰੂਕ ਰਹਿਣ ਅਤੇ ਸਫਾਈ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਸਕੂਲ ਦੇ ਸਟਾਫ ਮੈਂਬਰ ਇੰਦਰਜੀਤ ਸਿੰਘ ਅਤੇ ਪ੍ਰਦੀਪ ਗਰਗ ਸਮੇਤ ਸਮੂਹ ਸਟਾਫ ਹਾਜ਼ਰ ਰਹੇ। ਉਨ੍ਹਾਂ ਕਿਹਾ ਕਿ ਜੇ ਹਰ ਵਿਅਕਤੀ ਸਾਵਧਾਨੀ ਵਰਤੇ ਤਾਂ ਇਨ੍ਹਾਂ ਬਿਮਾਰੀਆਂ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਵਚਨ ਦਿੱਤਾ ਕਿ ਉਹ ਆਪਣੇ ਘਰਾਂ ਅਤੇ ਪਿੰਡ ਵਿੱਚ ਵੀ ਜਾਗਰੂਕਤਾ ਫੈਲਾਉਣਗੇ।








