ਮੋਗਾ, 13 ਅਪ੍ਰੈਲ 2026 (ਪ੍ਰਤੀਨਿਧਿ ਦੇਵ ਗਿੱਲ)ਪੰਜਾਬ ਭਰ ਵਿੱਚ ਐਨ ਐਚ ਐਮ (ਨੈਸ਼ਨਲ ਹੈਲਥ ਮਿਸ਼ਨ) ਕਰਮਚਾਰੀਆਂ ਵਿੱਚ ਉਸ ਵੇਲੇ ਭਾਰੀ ਰੋਸ ਦੇਖਣ ਨੂੰ ਮਿਲਿਆ ਜਦੋਂ ਮਾਰਚ 2026 ਦੀ ਤਨਖਾਹ ਅਜੇ ਤੱਕ ਜਾਰੀ ਨਾ ਹੋਣ ਕਾਰਨ ਕਰਮਚਾਰੀਆਂ ਨੂੰ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਐਨ ਐਚ ਐਮ ਇੰਪਲਾਈਜ ਯੂਨੀਅਨ ਪੰਜਾਬ ਨੇ 15 ਅਪ੍ਰੈਲ ਤੋਂ “No Pay No Work” ਹੜਤਾਲ ਦਾ ਐਲਾਨ ਕਰ ਦਿੱਤਾ ਹੈ।
ਯੂਨੀਅਨ ਦੀ ਸੂਬਾ ਪ੍ਰਧਾਨ ਸੰਦੀਪ ਕੌਰ (ਬਰਨਾਲਾ), ਸੀਨੀਅਰ ਵਾਇਸ ਪ੍ਰਧਾਨ ਗੁਲਸ਼ਨ ਸ਼ਰਮਾ (ਫਰੀਦਕੋਟ) ਅਤੇ ਜਨਰਲ ਸਕੱਤਰ ਅਮਨਦੀਪ ਸਿੰਘ (ਪਟਿਆਲਾ) ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਪਹਿਲਾਂ ਹੀ ਘੱਟ ਤਨਖਾਹਾਂ ’ਤੇ ਕੰਮ ਕਰ ਰਹੇ ਕਰਮਚਾਰੀਆਂ ਲਈ ਤਨਖਾਹਾਂ ਵਿੱਚ ਦੇਰੀ ਬਹੁਤ ਵੱਡੀ ਮੁਸ਼ਕਲ ਬਣ ਗਈ ਹੈ।
ਉਨ੍ਹਾਂ ਦੱਸਿਆ ਕਿ ਅਪ੍ਰੈਲ ਮਹੀਨੇ ਵਿੱਚ ਬੱਚਿਆਂ ਦੀ ਸਕੂਲ ਫੀਸ, ਘਰੇਲੂ ਖਰਚੇ ਅਤੇ ਹੋਰ ਆਰਥਿਕ ਜ਼ਿੰਮੇਵਾਰੀਆਂ ਕਾਰਨ ਕਰਮਚਾਰੀ ਕਾਫੀ ਦਬਾਅ ਵਿੱਚ ਹਨ। ਇਸ ਮਸਲੇ ਸਬੰਧੀ ਪਹਿਲਾਂ ਵੀ ਕਈ ਵਾਰ ਵਿਭਾਗ ਨੂੰ ਅਗਾਹ ਕੀਤਾ ਗਿਆ ਸੀ ਅਤੇ ਨਵੰਬਰ ਮਹੀਨੇ ਦੌਰਾਨ ਸਟੇਟ ਹੈਡਕੁਆਰਟਰ ਵਿੱਚ ਧਰਨੇ ਸਮੇਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਹਰ ਮਹੀਨੇ ਦੀ 10 ਤਰੀਖ ਤੱਕ ਤਨਖਾਹ ਜਾਰੀ ਹੋ ਜਾਵੇਗੀ, ਪਰ ਅੱਜ ਤੱਕ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ।
ਮੋਗਾ ਯੂਨੀਅਨ ਵੱਲੋਂ ਸਿਵਲ ਸਰਜਨ ਮੋਗਾ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਹੈ ਅਤੇ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਤੁਰੰਤ ਤਨਖਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ 15 ਅਪ੍ਰੈਲ ਤੋਂ ਸਾਰੇ ਐਨ ਐਚ ਐਮ ਕਰਮਚਾਰੀ ਕਲਮ ਛੋੜ ਹੜਤਾਲ ਕਰਦੇ ਹੋਏ ਆਨਲਾਈਨ ਅਤੇ ਆਫਲਾਈਨ ਰਿਪੋਰਟਿੰਗ ਪੂਰੀ ਤਰ੍ਹਾਂ ਬੰਦ ਕਰ ਦੇਣਗੇ ਅਤੇ ਸਰਕਾਰ ਵਿਰੁੱਧ ਤੀਖਾ ਪ੍ਰਦਰਸ਼ਨ ਕੀਤਾ ਜਾਵੇਗਾ।
ਯੂਨੀਅਨ ਨੇ ਮਾਨਯੋਗ ਮਿਸ਼ਨ ਡਾਇਰੈਕਟਰ, ਐਨ ਐਚ ਐਮ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਕਰਮਚਾਰੀਆਂ ਦੀਆਂ ਤਨਖਾਹਾਂ ਜਲਦ ਤੋਂ ਜਲਦ ਜਾਰੀ ਕਰਕੇ ਇਸ ਗੰਭੀਰ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਜੋ ਸਿਹਤ ਸੇਵਾਵਾਂ ’ਤੇ ਕੋਈ ਅਸਰ ਨਾ ਪਵੇ।
ਅੰਤਿਮ ਬਾਤ:
ਜੇਕਰ ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਪੰਜਾਬ ਦੀ ਸਿਹਤ ਸੇਵਾ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ, ਜਿਸਦਾ ਸਿੱਧਾ ਅਸਰ ਆਮ ਲੋਕਾਂ ’ਤੇ ਪੈ ਸਕਦਾ ਹੈ।








